ਅਮਰੀਕਾ ’ਚੋਂ ਗੈਰਕਾਨੂੰਨੀ ਭਾਰਤੀਆਂ ਦੀ ਵਾਪਸੀ ਲਈ ਹਾਂ ਤਿਆਰ : ਜੈਸ਼ੰਕਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ 18 ਹਜ਼ਾਰ ਭਾਰਤੀਆਂ ਦੀ ਦੇਸ਼ ਵਾਪਸੀ ਹੋ ਜਾਵੇਗੀ। ਅਮਰੀਕਾ ਦੀ ਇਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਇਨ੍ਹਾਂ 18 ਹਜ਼ਾਰ ਭਾਰਤੀਆਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਨਾਗਰਿਕਤਾ ਹਾਸਲ ਕਰਨ ਦੇ ਲਈ ਸਹੀ ਦਸਤਾਵੇਜ਼ ਵੀ ਨਹੀਂ ਹਨ। ਅਮਰੀਕਾ ਵਿਚ ਪਿਛਲੇ ਮਹੀਨੇ ਗੈਰਕਾਨੂੰਨੀ ਪਰਵਾਸੀਆਂ ਨਾਲ ਡੀਲ ਕਰਨ ਵਾਲੀ ਸਰਕਾਰੀ ਸੰਸਥਾ (ਆਈ.ਸੀ.ਈ.) ਨੇ ਕਰੀਬ 15 ਲੱਖ ਵਿਅਕਤੀਆਂ ਦੀ ਇਕ ਸੂਚੀ ਬਣਾਈ ਹੈ, ਜੋ ਗੈਰਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿ ਰਹੇ ਹਨ ਅਤੇ 18 ਹਜ਼ਾਰ ਭਾਰਤੀ ਵੀ ਇਸ ਸੂਚੀ ਦਾ ਹਿੱਸਾ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੀ ਸਰਕਾਰ ਦੇ ਅੰਕੜਿਆਂ ਮੁਤਾਬਕ 2023 ਵਿਚ 3 ਲੱਖ 86 ਹਜ਼ਾਰ ਵਿਅਕਤੀਆਂ ਨੂੰ ਐਚ-1ਬੀ ਵੀਜ਼ਾ ਦਿੱਤਾ ਗਿਆ ਸੀ, ਜਿਨ੍ਹਾਂ ’ਚ ਕਰੀਬ ਤੀਜਾ ਹਿੱਸਾ ਭਾਰਤੀ ਨਾਗਰਿਕ ਹਨ। ਧਿਆਨ ਰਹੇ ਕਿ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਹਨ। ਉਧਰ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ’ਚੋਂ ਗੈਰਕਾਨੂੰਨੀ ਭਾਰਤੀਆਂ ਦੀ ਵਾਪਸੀ ਲਈ ਅਸੀਂ ਤਿਆਰ ਹਾਂ।