ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ ਸਾਂਪਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦਾ ਕਾਰਜਕਾਰੀ ਅੰਤਰਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਵੀਂ ਜਿੰਮੇਵਾਰੀ ਨੂੰ ਸਵੀਕਾਰ ਕਰਦਿਆਂ ਸਾਂਪਲਾ ਨੇ ਕਿਹਾ ਕਿ ਉਹ ਇਸ ਅਹੁਦੇ ਨੂੰ ਬੜੇ ਮਾਣ ਨਾਲ ਸੰਭਾਲਣਗੇ। ਉਨ੍ਹਾਂ ਗੁਰੂ ਰਵਿਦਾਸ ਜੀ ਦੇ ਆਦਰਸ਼ਾਂ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਵਚਨਬੱਧਤਾ ਪ੍ਰਗਟਾਈ ਅਤੇ ਮਹਾਪੀਠ ਦੇ ਉਦੇਸ਼ਾਂ ਦੀ ਪੂਰਤੀ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਕੀਤਾ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਸਮਾਜ ਵਿੱਚ ਬਰਾਬਰੀ, ਨਿਆਂ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਹੋਵੇਗਾ।
ਨਵੀਂ ਕਾਰਜਕਾਰਨੀ ਵਿੱਚ ਸਾਬਕਾ ਰਾਜ ਸਭਾ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਨੂੰ ਅੰਤਰਰਾਸ਼ਟਰੀ ਪ੍ਰਧਾਨ, ਕੇਂਦਰੀ ਰਾਜ ਮੰਤਰੀ ਡਾ: ਐਲ ਮੁਰੂਗਨ ਨੂੰ ਅੰਤਰਰਾਸ਼ਟਰੀ ਉਪ ਪ੍ਰਧਾਨ ਅਤੇ ਉੱਤਰਾਖੰਡ ਦੇ ਸਾਬਕਾ ਵਿਧਾਇਕ ਸੁਰੇਸ਼ ਰਾਠੌੜ ਨੂੰ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਹੈ। ਰਵਿਦਾਸ ਵਿਸ਼ਵ ਮਹਾਂਪੀਠ ਦਾ ਮੁੱਖ ਉਦੇਸ਼ ਗੁਰੂ ਰਵਿਦਾਸ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੇ ਧਰਮ ਪਰਿਵਰਤਨ ਨੂੰ ਰੋਕ ਕੇ ਸਾਡੇ ਹਿੰਦੂ ਸਮਾਜ ਨੂੰ ਇੱਕਮੁੱਠ ਰੱਖਣਾ ਹੈ। ਸ਼੍ਰੀ ਰਵਿਦਾਸ ਵਿਸ਼ਵ ਮਹਾਪੀਠ ਦੇ ਜਨਰਲ ਸਕੱਤਰ ਸੰਗਠਨ ਸੂਰਜ ਭਾਨ ਕਟਾਰੀਆ ਨੇ ਦੱਸਿਆ ਕਿ ਵਿਜੇ ਸਾਂਪਲਾ ਪਹਿਲਾਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਰਹਿ ਚੁੱਕੇ ਹਨ, ਇਸ ਦੌਰਾਨ ਉਨ੍ਹਾਂ ਦੀ ਸਮਾਜ ਪ੍ਰਤੀ ਵਫਾਦਾਰੀ ਅਤੇ ਪ੍ਰਵਾਨਿਤਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਅਹਿਮ ਜੰਿਮੇਵਾਰੀ ਸੌਂਪੀ ਗਈ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਸਾਂਪਲਾ ਜੀ ਧਰਮ ਪਰਿਵਰਤਨ ਵਿਰੁੱਧ ਇੱਕ ਮਜ਼ਬੂਤ ਆਵਾਜ਼ ਬਣ ਜਾਣਗੇ।