ਸੀਬੀਆਈ ਤੇ ਐਨ.ਟੀ.ਏ. ਨੇ ਅਦਾਲਤ ਨੂੰ ਆਪਣਾ ਹਲਫਨਾਮਾ ਦਿੱਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਨੀਟ ਯੂ.ਜੀ. 2024 ਦੀ ਪ੍ਰੀਖਿਆ ’ਚ ਗੜਬੜੀ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ 18 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਉਸਨੇ ਇਹ ਨੋਟ ਕੀਤਾ ਹੈ ਕਿ ਕੁਝ ਪਾਰਟੀਆਂ ਨੂੰ ਕੇਂਦਰ ਅਤੇ ਐਨ.ਟੀ.ਏ. ਵਲੋਂ ਦਾਇਰ ਹਲਫਨਾਮਾ ਨਹੀਂ ਮਿਲਿਆ ਹੈ ਅਤੇ ਇਸ ਮਾਮਲੇ ਵਿਚ ਦਲੀਲਾਂ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਜਵਾਬ ਤਿਆਰ ਕਰਨ ਦੀ ਲੋੜ ਹੈ। ਇਸ ਲਈ ਬਾਕੀਆਂ ਨੂੰ ਜਵਾਬ ਦੇਣ ਲਈ ਹੋਰ ਸਮਾਂ ਦਿੱਤਾ ਗਿਆ ਹੈ।
ਸੁਣਵਾਈ ਤੋਂ ਪਹਿਲਾਂ ਸੀਬੀਆਈ ਤੇ ਐਨਟੀਏ ਨੇ ਸੁਪਰੀਮ ਕੋਰਟ ਵਿਚ ਆਪਣਾ ਹਲਫਨਾਮਾ ਦੇ ਦਿੱਤਾ ਸੀ। ਧਿਆਨ ਰਹੇ ਕਿ ਇਸ ਮਾਮਲੇ ਦੀ ਪਹਿਲੀ ਸੁਣਵਾਈ ਲੰਘੀ 8 ਜੁਲਾਈ ਨੂੰ ਹੋਈ ਸੀ। ਇਸ ਤੋਂ ਬਾਅਦ 11 ਜੁਲਾਈ ਨੂੰ ਅਗਲੀ ਸੁਣਵਾਈ ਲਈ ਡੇਟ ਦਿੱਤੀ ਗਈ ਸੀ। ਅਦਾਲਤ ਨੇ 10 ਜੁਲਾਈ ਦੀ ਸ਼ਾਮ ਤੱਕ ਐਨ.ਟੀ.ਏ., ਕੇਂਦਰ ਸਰਕਾਰ, ਸੀਬੀਆਈ ਅਤੇ ਰੀਟੈਸਟ ਦੀ ਮੰਗ ਕਰ ਰਹੇ ਪਟੀਸ਼ਨ ਕਰਤਾਵਾਂ ਨੂੰ ਹਲਫਨਾਮਾ ਦਾਇਰ ਕਰਨ ਦਾ ਸਮਾਂ ਦਿੱਤਾ ਸੀ। ਦੱਸਣਾ ਬਣਦਾ ਹੈ ਕਿ ਮੈਡੀਕਲ ਵਿਚ ਦਾਖਲੇ ਲਈ ਪ੍ਰੀਖਿਆ 5 ਮਈ ਨੂੰ ਹੋਈ ਸੀ।