ਢਾਈ ਲੱਖਾਂ ਤੋਂ ਵੱਧ ਔਰਤਾਂ ਨੂੰ ਦਿੱਤੀ 450 ਕਰੋੜ ਰੁਪਏ ਦੀ ਵਿੱਤੀ ਸਹਾਇਤਾ
ਨਵਸਾਰੀ (ਗੁਜਰਾਤ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ‘ਲਖਪਤੀ ਦੀਦੀ’ ਯੋਜਨਾ ਦੀਆਂ ਲਾਭਪਾਤਰੀ ਮਹਿਲਾਵਾਂ ਨਾਲ ਗੱਲਬਾਤ ਕੀਤੀ। ਮੋਦੀ ਇਸ ਸਬੰਧ ਵਿਚ ਵੰਸੀ ਬੋਰਸੀ ਪਿੰਡ ਵਿੱਚ ‘ਲਖਪਤੀ ਦੀਦੀ ਸੰਮੇਲਨ’ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ 25,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਦੀਆਂ 2.5 ਲੱਖ ਤੋਂ ਵੱਧ ਔਰਤਾਂ ਨੂੰ 450 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਵੰਡੀ।
ਲਖਪਤੀ ਦੀਦੀ ਯੋਜਨਾ ਕੇਂਦਰ ਸਰਕਾਰ ਵੱਲੋਂ 2023 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰਾਂ, ਜਿਨ੍ਹਾਂ ਦੀ ਖੇਤੀਬਾੜੀ, ਪਸ਼ੂ ਪਾਲਣ ਅਤੇ ਛੋਟੇ ਉਦਯੋਗਾਂ ਤੋਂ ਘੱਟੋ-ਘੱਟ 1 ਲੱਖ ਰੁਪਏ ਦੀ ਸਾਲਾਨਾ ਆਮਦਨ ਹੈ, ਨੂੰ ‘ਲਖਪਤੀ ਦੀਦੀ’ ਵਜੋਂ ਮਾਨਤਾ ਦਿੰਦੀ ਹੈ। ਮੋਦੀ ਨੇ ‘ਲਖਪਤੀ ਦੀਦੀਆਂ’ ਦੇ ਇੱਕ ਸਮੂਹ ਨਾਲ ‘ਪ੍ਰੇਰਨਾ ਸੰਵਾਦ’ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਨਵਸਾਰੀ ਦੇ ਸੰਸਦ ਮੈਂਬਰ ਸੀਆਰ ਪਾਟਿਲ ਵੀ ਸ਼ਾਮਲ ਸਨ। ਨਵਸਾਰੀ ਸਮਾਗਮ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਸਿਰਫ਼ ਮਹਿਲਾ ਪੁਲਿਸ ਕਰਮਚਾਰੀਆਂ ਵਾਲੀ ਸੁਰੱਖਿਆ ਹੀ ਤਾਇਨਾਤ ਕੀਤੀ ਗਈ ਸੀ।