ਲੋਕ ਸਭਾ ਚੋਣਾਂ ਤੋਂ ਬਾਅਦ ਅਫ਼ਸਰਸ਼ਾਹੀ ’ਚ ਹੋਵੇਗਾ ਬਦਲਾਅ, ਕਈ ਅਧਿਕਾਰੀਆਂ ਦਾ ਕਾਰਜਕਾਲ ਹੋ ਰਿਹਾ ਹੈ ਪੂਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਨਵੇਂ ਡੀਸੀ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਤੋਂ ਪੈਨਲ ਮੰਗਿਆ ਹੈ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਿਆਣਾ ਦੇ ਚੀਫ਼ ਸੈਕਟਰੀ ਨੂੰ ਇਕ ਪੱਤਰ ਵੀ ਲਿਖਿਆ ਹੈ। ਇਹ ਪੈਨਲ ਡੀਸੀ ਦਾ ਕਾਰਜਕਾਲ ਪੂਰਾ ਹੋਣ ਤੋਂ 6 ਮਹੀਨਿਆਂ ਪਹਿਲਾਂ ਹੀ ਮੰਗ ਲਿਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਹਰਿਆਣਾ ਕੇਡਰ ਦੇ ਆਈਏਐਸ ਅਧਿਕਾਰੀ ਅਤੇ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਦੇ ਲਈ ਵੀ ਪੈਨਲ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਹੁਣ ਤੱਕ ਕੋਈ ਵੀ ਨਾਮ ਨਹੀਂ ਦਿੱਤਾ ਗਿਆ ਜਦਕਿ ਜੂਨ ਮਹੀਨੇ ’ਚ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ।
ਚੰਡੀਗੜ੍ਹ ਦੇ ਮੁੱਖ ਚੋਣ ਕਮਿਸ਼ਨਰ ਡਾ. ਵਿਜੇ ਨਾਮਦੇਵ ਦਾ ਕਾਰਜਕਾਲ ਪੂਰਾ ਹੋ ਚੁੱਕਿਆ ਹੈ ਪ੍ਰੰਤੂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ ਗਿਆ। ਚੋਣਾਂ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਜਾਵੇਗਾ ਅਤੇ ਪੰਜਾਬ ਤੋਂ ਉਨ੍ਹਾਂ ਦੀ ਜਗ੍ਹਾ ’ਤੇ ਨਵੇਂ ਅਧਿਕਾਰੀ ਨੂੰ ਚੰਡੀਗੜ੍ਹ ਦਾ ਚੋਣ ਕਮਿਸ਼ਨਰ ਲਗਾਇਆ ਜਾਵੇਗਾ।