Monday, July 15, 2024
HomePunjabi Newsਪੰਜਾਬ ਦੇ ਸਕੂਲਾਂ ਵਿਚ ਕੇਲਿਆਂ ਦੀ ਥਾਂ ਹੁਣ ਮੌਸਮੀ ਫਲ ਮਿਲਣਗੇ; ਮਿਡ...

ਪੰਜਾਬ ਦੇ ਸਕੂਲਾਂ ਵਿਚ ਕੇਲਿਆਂ ਦੀ ਥਾਂ ਹੁਣ ਮੌਸਮੀ ਫਲ ਮਿਲਣਗੇ; ਮਿਡ ਡੇ ਮੀਲ ਦੇ ਮੈਨਿਊ ਵਿਚ ਹੋਇਆ ਬਦਲਾਅ

ਚੰਡੀਗੜ੍ਹ/ਬਿਊਰੋ ਨਿਊਜ਼  : ਪੰਜਾਬ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆਂ ਨੂੰ ਹਫਤੇ ਵਿਚ ਇਕ ਵਾਰ ਮਿਡ-ਡੇ-ਮੀਲ ਵਿਚ ਕੇਲਿਆਂ ਦੀ ਥਾਂ ਮੌਸਮੀ ਫਲ ਖਾਣ ਨੂੰ ਦਿੱਤੇ ਜਾਣਗੇ। ਇਨ੍ਹਾਂ ਫਲਾਂ ਵਿਚ ਕਿੰਨੂ, ਅਮਰੂਦ, ਲੀਚੀ, ਬੇਰ, ਸੇਬ ਅਤੇ ਅੰਬ ਤੱਕ ਸ਼ਾਮਲ ਹੈ। ਇਸਦਾ ਆਗਾਜ਼ ਆਉਂਦੀ 12 ਫਰਵਰੀ ਨੂੰ ਹੋ ਰਿਹਾ ਹੈ। ਇਨ੍ਹਾਂ ਫਲਾਂ ਨੂੰ ਹੁਣ ਮਿਡ-ਡੇ-ਮੀਲ ਦੇ ਮੈਨਿਊ ਵਿਚ ਸ਼ਾਮਲ ਕੀਤਾ ਗਿਆ ਹੈ। ਇਸਦੇ ਲਈ ਸਿੱਖਿਆ ਵਿਭਾਗ ਵਲੋਂ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਹਾਲਾਂਕਿ, ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਇਸ ਸਬੰਧੀ ਮੌਸਮੀ ਫਲਾਂ ਦੀ ਉਪਲਬਧਤਾ ਦੇ ਹਿਸਾਬ ਨਾਲ ਨਿਰਦੇਸ਼ ਜਾਰੀ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਲੰਘੇ ਜਨਵਰੀ ਮਹੀਨੇ ਦੌਰਾਨ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਦੇ ਮਨਿਊ ਵਿਚ ਕੇਲਿਆਂ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਸਰਦੀਆਂ ਦੀਆਂ ਛੁੱਟੀਆਂ ਹੋਣ ਕਰਕੇ ਇਹ ਪ੍ਰੋਜੈਕਟ ਨੇਪਰੇ ਨਹੀਂ ਚੜ੍ਹ ਸਕਿਆ ਸੀ। ਧਿਆਨ ਰਹੇ ਕਿ ਵਿਦਿਆਰਥੀਆਂ ਨੂੰ ਮੌਸਮੀ ਫਲ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਇਸਦੇ ਚੱਲਦਿਆਂ ਹਰ ਇਕ ਵਿਦਿਆਰਥੀ ’ਤੇ 5 ਤੋਂ 6 ਰੁਪਏ ਤੱਕ ਖਰਚਣ ਦੀ ਯੋਜਨਾ ਬਣਾਈ ਗਈ ਹੈ। ਸੂਬੇ ਵਿਚ ਇਸ ਸਮੇਂ 19120 ਸਰਕਾਰੀ ਸਕੂਲਾਂ ਵਿਚ ਪ੍ਰੀ-ਨਰਸਰੀ ਤੋਂ 8ਵੀਂ ਜਮਾਤ ਤੱਕ 18 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ। 

RELATED ARTICLES

Most Popular

Recent Comments