ਰਾਮਕਲੀ ਮਹਲਾ ੫ ॥ ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥ ਸਤਿਗੁਰੁ ਪਰਮੇਸਰੁ ਮੇਰਾ ॥ ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥
ਵਿਆਖਿਆ :-ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ। (ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ।੧। ਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ। ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ।੧। ਰਹਾਉ। 04-01-25, ਅੰਗ:-884