ਵਡਹੰਸੁ ਮਹਲਾ ੧ ॥ ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥
ਵਿਆਖਿਆ :- (ਹੇ ਭਾਈ!) ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ। (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ। ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ। (ਹੇ ਭਾਈ!) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ। ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ (ਤੇ ਵਿਕਾਰਾਂ ਦਾ ਜ਼ੋਰ ਭੀ ਇਸ ਉਤੇ ਨਹੀਂ ਪੈ ਸਕਦਾ, ਪਰ) ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ ਹੋ ਜਾਂਦੀ ਹੈ। 29-12-24,ਅੰਗ:-581