ਅੱਜ ਟੌਪ 25 ਕੰਪਨੀਆਂ ਦੇ ਸੀਈਓ ਭਾਰਤੀ : ਸਈਅਦ ਮੁਸਤਫਾ ਕਮਾਲ
ਇਸਲਾਮਾਬਾਦ/ਬਿਊਰੋ ਨਿਊਜ਼ :ਪਾਕਿਸਤਾਨ ਅੱਜ ਕੱਲ੍ਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਇਸਦੇ ਚੱਲਦਿਆਂ ਪਾਕਿ ਦੇ ਸੰਸਦ ਮੈਂਬਰ ਸਈਅਦ ਮੁਸਤਫਾ ਕਮਾਲ ਨੇ ਆਪਣੇ ਹੀ ਦੇਸ਼ ਨੂੰ ਸ਼ੀਸ਼ਾ ਦਿਖਾਉਂਦਿਆਂ ਨੈਸ਼ਨਲ ਅਸੈਂਬਲੀ ਵਿਚ ਭਾਰਤ ਦੀ ਸਿੱਖਿਆ ਵਿਵਸਥਾ ਦੀ ਤੁਲਨਾ ਪਾਕਿਸਤਾਨ ਦੀ ਸਿੱਖਿਆ ਵਿਵਸਥਾ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਸੇ ਦੁਨੀਆ ਚੰਦ ’ਤੇ ਜਾ ਰਹੀ ਹੈ, ਉਥੇ ਦੂਜੇ ਪਾਸੇ ਕਰਾਚੀ ਦੇ ਬੱਚੇ ਗਟਰ ਵਿਚ ਡਿੱਗ ਕੇ ਮਰ ਰਹੇ ਹਨ।
ਸਈਅਦ ਮੁਸਤਫਾ ਨੇ ਕਿਹਾ ਕਿ 30 ਸਾਲ ਪਹਿਲਾਂ, ਸਾਡੇ ਗੁਆਂਢੀ ਦੇਸ਼ ਭਾਰਤ ਨੇ ਆਪਣੇ ਬੱਚਿਆਂ ਨੂੰ ਉਹ ਸਿਖਾਇਆ ਜਿਸਦੀ ਅੱਜ ਪੂਰੀ ਦੁਨੀਆ ਵਿਚ ਮੰਗ ਹੈ। ਅੱਜ ਟੌਪ 25 ਕੰਪਨੀਆਂ ਦੇ ਸੀ.ਈ.ਓ. ਭਾਰਤੀ ਹਨ। ਉਨ੍ਹਾਂ ਕਿਹਾ ਕਿ ਭਾਰਤ ਤਰੱਕੀ ਕਰ ਰਿਹਾ ਹੈ ਤਾਂ ਉਸਦਾ ਕਾਰਨ ਇਹ ਹੈ ਕਿ ਉਥੇ ਉਹ ਸਿਖਾਇਆ ਗਿਆ ਜੋ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਆਈ.ਟੀ. ਐਕਸਪੋਰਟ ਅੱਜ 7 ਅਰਬ ਡਾਲਰ ਹੈ, ਜਦੋਂ ਕਿ ਭਾਰਤ ਦਾ ਆਈ.ਟੀ. ਐਕਸਪੋਰਟ 270 ਅਰਬ ਡਾਲਰ ਹੈ। ਪਾਕਿਸਤਾਨ ਦੇ ਸੰਸਦ ਮੈਂਬਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਚੱਲ ਰਿਹਾ ਹੈ।