ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਅਨੁਸੂਚਿਤ ਜਾਤੀਆਂ ਵੱਲੋਂ ਦਿੱਤਾ ਗਿਆ ਸੀ ਬੰਦ ਦਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਲਈ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਮੱਠਾ ਹੁੰਗਾਰਾ ਹੀ ਮਿਲਿਆ। ਪੰਜਾਬ ਵਿੱਚ ਕੁਝ ਥਾਵਾਂ ’ਤੇ ਜਨਜੀਵਨ ਵਿੱਚ ਵਿਘਨ ਪਿਆ ਜਦਕਿ ਚੰਡੀਗੜ੍ਹ ਵਿੱਚ ਵੀ ਸਥਿਤੀ ਲਗਭਗ ਆਮ ਵਾਂਗ ਰਹੀ। ਬੈਂਕਿੰਗ ਸੇਵਾਵਾਂ, ਵਿਦਿਅਕ ਅਦਾਰੇ ਅਤੇ ਵਪਾਰਕ ਅਦਾਰੇ ਵੀ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਰਹੇ।
ਪੰਜਾਬ ਅਤੇ ਹਰਿਆਣਾ ਵਿੱਚ ਆਵਾਜਾਈ ਆਮ ਵਾਂਗ ਚਲਦੀ ਰਹੀ ਹੈ ਜਦਕਿ ਰਾਸ਼ਟਰੀ ਰਾਜ ਮਾਰਗਾਂ ਅਤੇ ਰੇਲ ਪਟੜੀਆਂ ਨੂੰ ਰੋਕਣ ਲਈ ਕੋਈ ਜਥੇਬੰਦੀ ਸਾਹਮਣੇ ਨਹੀਂ ਆਈ। ਜਦਕਿ ਬਿਹਾਰ, ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਕਈ ਸੂਬਿਆਂ ਵਿਚ ਬੰਦ ਦਾ ਅਸਰ ਦੇਖਣ ਮਿਲਿਆ। ਖੱਬੀਆਂ ਪਾਰਟੀਆਂ, ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਬਸਪਾ ਨੇ ਦੇਸ਼ ਵਿਆਪੀ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ।