ਸੰਤ ਬਲਬੀਰ ਸਿੰਘ ਸੀਚੇਵਾਲ ਖੁਦ ਵੀ ਚਲਾਉਂਦੇ ਹਨ ਮਸ਼ੀਨਾਂ
ਲੁਧਿਆਣਾ/ਬਿਊਰੋ ਨਿਊਜ਼ : ਕਾਲੀ ਵੇਈਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਤੋਂ ਬਾਅਦ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੁਣ ਲੁਧਿਆਣਾ ’ਚ ਬੁੱਢਾ ਦਰਿਆ ਨੂੰ ਸਾਫ ਕਰਨ ਲੱਗੇ ਹੋਏ ਹਨ। ਸੰਤ ਸੀਚੇਵਾਲ ਖੁਦ ਵੀ ਮਸ਼ੀਨਾਂ ਚਲਾ ਕੇ ਬੁੱਢਾ ਦਰਿਆ ਦੀ ਸਫਾਈ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸੀਚੇਵਾਲ ਵਲੋਂ ਚਲਾਏ ਜਾ ਰਹੇ ਇਸ ਅਭਿਆਨ ਦੀ ਵੱਖ-ਵੱਖ ਬੁੱਧੀਜੀਵੀਆਂ ਵਲੋਂ ਪ੍ਰਸੰਸਾ ਵੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਪ੍ਰਸਿੱਧ ਕਵੀ ਡਾ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਜਿਹੀ ਕੜਾਕੇ ਦੀ ਠੰਡ ਦੇ ਮੌਸਮ ਵਿਚ ਬੁੱਢਾ ਦਰਿਆ ਦੀ ਸਫਾਈ ਕਰਨੀ ਵੀ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਆਪਣੀ ਪ੍ਰਾਚੀਨ ਵਿਰਾਸਤ ’ਚ ਪਰਤ ਰਿਹਾ ਹੈ ਅਤੇ ਇਹ ਇਕ ਸੁਖਾਵਾਂ ਅਨੁਭਵ ਹੈ। ਡਾ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਸਾਰੇ ਕੰਮ ਦਾ ਸਿਹਰਾ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੂੰ ਜਾਂਦਾ ਹੈ।