ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਚੱਲ ਰਹੀਆਂ ਹਨ। ਇਸ ਇਲੈਕਸ਼ਨ ਪ੍ਰਕਿਰਿਆ ਵਿਚ ਇਕ ਸ਼ਬਦ ‘ਸੁਪਰ ਟਿਊਜ਼ ਡੇਅ’ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸੁਪਰ ਟਿਊਜ਼ ਡੇਅ ਮੌਕੇ ਅਮਰੀਕਾ ਦੇ 15 ਸੂਬਿਆਂ ਵਿਚ ਹੋਈ ਵੋਟਿੰਗ ਦੌਰਾਨ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਰਾਸ਼ਟਰਪਤੀ ਜੋਅ ਬਾਈਡਨ ਨੇ ਜਿੱਤ ਹਾਸਲ ਕੀਤੀ ਹੈ।
ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਜੋਅ ਬਾਈਡਨ ਡੈਮੋਕਰੇਟਿਵ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਫਿਰ ਉਮੀਦਵਾਰ ਚੁਣੇ ਜਾ ਸਕਦੇ ਹਨ। ਅਜਿਹਾ ਇਸ ਲਈ ਹੈ ਕਿ ਹੁਣ ਹੋਈਆਂ ਚੋਣਾਂ ਵਿਚ ਉਨ੍ਹਾਂ ਨੂੰ ਡੈਮੋਕਰੇਟਿਕ ਪਾਰਟੀ ਵਿਚੋਂ ਕੋਈ ਚੁਣੌਤੀ ਮਿਲਦੀ ਨਜ਼ਰ ਨਹੀਂ ਆਈ, ਪਰ ਬਾਈਡਨ ਦੀ ਸਿਹਤ ਨੂੰ ਲੈ ਕੇ ਸਵਾਲ ਜ਼ਰੂਰ ਉਠ ਰਹੇ ਹਨ।
ਇਸੇ ਦੌਰਾਨ ਖਬਰ ਇਹ ਵੀ ਸੀ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਵੀ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ, ਹਾਲਾਂਕਿ ਉਨ੍ਹਾਂ ਦੇ ਦਫਤਰ ਨੇ ਸਾਫ ਕਹਿ ਦਿੱਤਾ ਹੈ ਮਿਸ਼ੇਲ ਚੋਣ ਨਹੀਂ ਲੜੇਗੀ। ਉਧਰ ਦੂਜੇ ਪਾਸੇ ਨਿੱਕੀ ਹੇਲੀ ਨੇ ਵਰਮੌਂਟ ਵਿਚ ਚੋਣ ਜਿੱਤ ਕੇ ਇਸ ਖੇਤਰ ਵਿਚ ਡੋਨਾਲਡ ਟਰੰਪ ਦੀ ਜਿੱਤ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਦਿੱਤਾ ਹੈ।