ਜੋਅ ਬਾਈਡਨ ਨੇ ਅਮਰੀਕਾ ਵਧੇਰੇ ਖੁਸ਼ਹਾਲ ਤੇ ਸੁਰੱਖਿਅਤ ਹੋਣ ਦਾ ਕੀਤਾ ਦਾਅਵਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੇਸ਼ ਵਾਸੀਆਂ ਦੇ ਨਾਮ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਆਖਿਆ ਗਿਆ ਹੈ ਕਿ ਮਹਾਮਾਰੀ ਅਤੇ ਮਹਾਮੰਦੀ ਤੋਂ ਬਾਅਦ ਦੇ ਸਭ ਤੋਂ ਮਾੜੇ ਵਿੱਤੀ ਸੰਕਟ ’ਚੋਂ ਬਾਹਰ ਆਉਂਦੇ ਹੋਏ ਅਮਰੀਕਾ ਪਿਛਲੇ ਚਾਰ ਸਾਲਾਂ ਵਿੱਚ ਵਧੇਰੇ ਮਜ਼ਬੂਤ, ਵਧੇਰੇ ਖੁਸ਼ਹਾਲ ਅਤੇ ਵਧੇਰੇ ਸੁਰੱਖਿਅਤ ਹੋ ਕੇ ਉੱਭਰਿਆ ਹੈ। ਬਾਈਡਨ ਨੇ ਆਪਣੇ ਦੇਸ਼ ਵਾਸੀਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਤਿਹਾਸ ਤੁਹਾਡੇ ਹੱਥਾਂ ਵਿੱਚ ਹੈ ਅਤੇ ਸੱਤਾ ਵੀ ਤੁਹਾਡੇ ਹੱਥਾਂ ਵਿੱਚ ਹੈ।
ਉਨ੍ਹਾਂ ਲਿਖਿਆ ਕਿ ਸਾਨੂੰ ਸਿਰਫ ਵਿਸ਼ਵਾਸ ਕਰਨਾ ਹੋਵੇਗਾ ਅਤੇ ਚੇਤੇ ਰੱਖਣਾ ਹੋਵੇਗਾ ਕਿ ਅਸੀਂ ਕੌਣ ਹਾਂ। ਉਨ੍ਹਾਂ ਇਹ ਵੀ ਲਿਖਿਆ ਕਿ ਅਸੀਂ ਸੰਯੁਕਤ ਰਾਜ ਅਮਰੀਕਾ ਹਾਂ ਅਤੇ ਅਜਿਹਾ ਕੋਈ ਕੰਮ ਨਹੀਂ ਹੈ ਜੋ ਅਸੀਂ ਨਹੀਂ ਕਰ ਸਕਦੇ। ਬਾਈਡਨ ਨੇ ਕਿਹਾ ਕਿ ਸਾਡੇ ਕੋਲ ਦੁਨੀਆਂ ਦਾ ਸਭ ਤੋਂ ਮਜ਼ਬੂਤ ਅਰਥਚਾਰਾ ਹੈ। ਉਨ੍ਹਾਂ ਕਿਹਾ ਕਿ 50 ਸਾਲ ਤੋਂ ਵੱਧ ਸਮਾਂ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ। ਜ਼ਿਕਰਯੋਗ ਹੈ ਕਿ ਜੋਅ ਬਾਈਡਨ ਰਾਸ਼ਟਰਪਤੀ ਦਾ ਅਹੁਦਾ ਛੱਡ ਰਹੇ ਹਨ ਅਤੇ 20 ਜਨਵਰੀ ਨੂੰ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁੱਕ ਲੈਣਗੇ।