ਲੁਧਿਆਣਾ ਦੇ ਪਿੰਡ ਧਨਾਨਸੂ ਵਿੱਚ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਲਈ ਸਹੁੰ ਚੁੱਕ ਸਮਾਗਮ ਵਿੱਚ, ਮੁੱਖ ਮੰਤਰੀ ਮਾਨ ਨੇ ਸਹੁੰ ਚੁਕਾਈ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਮੁੱਖ ਮੰਤਰੀ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਲਈ ਆਉਣ ਵਾਲੇ ਫੰਡਾਂ ਦਾ ਸਹੀ ਅਤੇ ਪਾਰਦਰਸ਼ੀ ਵਰਤੋਂ ਕਰਵਾਉਣ ਲਈ ਉਹ ਖੁਦ ਮੌਜੂਦ ਰਹਿਣ। ਮਾੜੇ ਮਾਲ ਵੇਲੇ ਕਿਸੇ ਠੇਕੇਦਾਰ ਵੱਲੋਂ ਘਟੀਆ ਸਾਮਾਨ ਵਰਤਿਆ ਜਾ ਰਿਹਾ ਹੋਵੇ ਤਾਂ ਇਸ ਦੀ ਸ਼ਿਕਾਇਤ ਕਰ ਕੇ ਟੈਂਡਰ ਰੱਦ ਕਰਵਾਇਆ ਜਾਵੇਗਾ,
ਅਤੇ ਉਸ ਠੇਕੇਦਾਰ ਨੂੰ ਮੁੜ ਕੰਮ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਲੋਕਤੰਤਰ ਦੀ ਨੀਂਹ ਹਨ, ਅਤੇ ਜੇ ਨੀਂਹ ਮਜ਼ਬੂਤ ਹੋਵੇਗੀ ਤਾਂ ਸਾਰਾ ਸਿਸਟਮ ਟਿਕ ਸਕਦਾ ਹੈ। ਨਵੇਂ ਚੁਣੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪਿੰਡਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ, ਸਕੂਲਾਂ, ਸੋਲਰ ਲਾਈਟਾਂ ਅਤੇ ਲਾਇਬ੍ਰੇਰੀਆਂ ਵਰਗੇ ਵਿਕਾਸੀ ਕੰਮਾਂ ਲਈ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਪੂਰਾ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬ ਦਾ ਖਜ਼ਾਨਾ ਸਰਪੰਚਾਂ ਦਾ ਹੈ ਅਤੇ ਉਸ ਦਾ ਮੂੰਹ ਹਮੇਸ਼ਾਂ ਉਹਨਾਂ ਵੱਲ ਰਹੇਗਾ।