ਦਿੱਲੀ ਵਾਸੀਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਦੇ ਲੱਗ ਰਹੇ ਆਰੋਪ
ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੇਨਾ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਐਲ.ਜੀ. ਦਫਤਰ ਨੇ ਦਿੱਲੀ ਦੇ ਚੀਫ ਸੈਕਟਰੀ ਅਤੇ ਪੁਲਿਸ ਕਮਿਸ਼ਨਰ ਨੂੰ ਇਕ ਚਿੱਠੀ ਵੀ ਲਿਖੀ ਹੈ। ਪਿਛਲੇ ਦਿਨੀਂ ਭੇਜੀ ਗਈ ਇਸ ਚਿੱਠੀ ਰਾਹੀਂ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਗੈਰ-ਸਰਕਾਰੀ ਵਿਅਕਤੀਆਂ ਵਲੋਂ ਦਿੱਲੀ ਦੀ ਜਨਤਾ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸਦੀ ਜਾਂਚ ਕਰਵਾਈ ਜਾਏ ਅਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਵੀ ਹੋਵੇ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਘੀ 12 ਦਸੰਬਰ ਨੂੰ ਦਿੱਲੀ ’ਚ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਅਤੇ ਚੋਣ ਜਿੱਤਣ ਤੋਂ ਬਾਅਦ ਇਸ ਰਕਮ ਨੂੰ ਵਧਾ ਕੇ 2100 ਰੁਪਏ ਹਰੇਕ ਮਹੀਨੇ ਦੇਣ ਦਾ ਐਲਾਨ ਕੀਤਾ ਸੀ। ਇਸਦੇ ਚੱਲਦਿਆਂ ਐਲ.ਜੀ. ਸਕਸੇਨਾ ਨੇ ਪੰਜਾਬ ਤੋਂ ਕੈਸ਼ ਟਰਾਂਸਫਰ ਦੇ ਆਰੋਪਾਂ ਦੀ ਵੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।