ਧਨਾਸਰੀ ਮਹਲਾ ੩ ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਾਚੈ ਸਬਦਿ ਵਸੈ ਮਨਿ ਆਇ ॥੧॥ ਗੁਰਬਾਣੀ ਸੁਣਿ ਮੈਲੁ ਗਵਾਏ ॥ ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥
ਵਿਆਖਿਆ:-(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ। ਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ।੧। ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ।੧।ਰਹਾਉ। 02-02-25, ਅੰਗ:-665