ਭਾਰਤ ਨੇ ਮਨਾਇਆ 78ਵਾਂ ਆਜ਼ਾਦੀ ਦਿਵਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਅੱਜ ਆਪਣਾ 78ਵਾਂ ਆਜ਼ਾਦੀ ਦਿਵਸ ਮਨਾਇਆ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਨਵੀਂ ਦਿੱਲੀ ਵਿਖੇ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ। ਪੀਐਮ ਮੋਦੀ ਨੇ ਆਪਣੇ 103 ਮਿੰਟ ਦੇ ਭਾਸ਼ਣ ਵਿਚ ਕਿਹਾ ਕਿ ਆਜ਼ਾਦੀ ਦੇ ਦੀਵਾਨਿਆਂ ਨੇ ਸਾਨੂੰ ਆਜ਼ਾਦੀ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਅਤੇ ਸਾਡਾ ਦੇਸ਼ ਮਹਾਪੁਰਸ਼ਾਂ ਦਾ ਵੀ ਰਿਣੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਨੂੰ ਮਾਂ-ਬਾਪ ਕਲਚਰ ਨਾਲ ਗੁਜ਼ਾਰਾ ਕਰਨਾ ਪਿਆ ਅਤੇ ਅਸੀਂ ਸ਼ਾਸ਼ਨ ਦੇ ਇਸ ਮਾਡਲ ਨੂੰ ਬਦਲਿਆ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਖੁਦ ਜਨਤਾ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਹੈ।
ਪੀਐਮ ਨੇ ਕਿਹਾ ਕਿ ਦੇਸ਼ ਵਿਚ 75 ਸਾਲਾਂ ਤੋਂ ਫਿਰਕੂ ਸਿਵਲ ਕੋਡ ਹੈ ਅਤੇ ਹੁਣ ਦੇਸ਼ ਨੂੰ ਸੈਕੂਲਰ ਸਿਵਲ ਕੋਡ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ 75 ਹਜ਼ਾਰ ਨਵੀਆਂ ਮੈਡੀਕਲ ਸੀਟਾਂ ਵਧਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ 100ਵੇਂ ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ।