ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅੱਜ ਮਾਨਾਵਾਲਾ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕਰਨ ਪਹੁੰਚੇ। ਜਿੱਥੇ ਬਾਹਰੋਂ ਹੋ ਰਹੀ ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਮੰਤਰੀ ਗੁੱਸੇ ‘ਚ ਆ ਗਏ ਅਤੇ ਸਟਾਫ ਨੂੰ ਤਾੜਨਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਅਲਟਰਾਸਾਊਂਡ ਸਿਰਫ਼ ਇਕ ਪ੍ਰਾਈਵੇਟ ਲੈਬ ਤੋਂ ਹੀ ਕਿਉਂ ਕਰਵਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਅੱਜ ਬਾਅਦ ਦੁਪਹਿਰ ਅਚਾਨਕ ਸਿਵਲ ਹਸਪਤਾਲ ਮਾਨਾਵਾਲਾ ਪੁੱਜੇ।
ਜਿੱਥੇ ਉਨ੍ਹਾਂ ਹਸਪਤਾਲ ‘ਚ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਡਾਕਟਰਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ | ਇਸ ਦੌਰਾਨ ਉਥੇ ਕੁਝ ਗਰਭਵਤੀ ਔਰਤਾਂ ਵੀ ਖੜ੍ਹੀਆਂ ਸਨ, ਜਿਨ੍ਹਾਂ ਦੇ ਹੱਥਾਂ ਵਿਚ ਗੋਲਡਨ ਗੇਟ ਸਥਿਤ ਇਕ ਪ੍ਰਾਈਵੇਟ ਅਲਟਰਾਸਾਊਂਡ ਲੈਬ ਦੀ ਰਿਪੋਰਟ ਸੀ।
ਜਿਸ ਤੋਂ ਬਾਅਦ ਮੰਤਰੀ ਹਰਭਜਨ ਸਿੰਘ ਨੇ ਰਿਪੋਰਟ ਨੂੰ ਹੱਥ ‘ਚ ਲੈ ਕੇ ਜਾਂਚ ਕੀਤੀ। ਰਿਪੋਰਟ ਦੇਖਣ ਤੋਂ ਬਾਅਦ ਮੰਤਰੀ ਭੜਕ ਉੱਠੇ ਅਤੇ ਕਿਹਾ ਕਿ ਜਦੋਂ ਸਰਕਾਰ ਲੋਕਾਂ ਦੇ ਅਲਟਰਾਸਾਊਂਡ ਲਈ ਪੈਸੇ ਦੇ ਰਹੀ ਹੈ ਤਾਂ ਫਿਰ ਉਨ੍ਹਾਂ ਨੂੰ ਪ੍ਰਾਈਵੇਟ ਲੈਬ ਵਿਚ ਕਿਉਂ ਭੇਜਿਆ ਜਾ ਰਿਹਾ ਹੈ ਅਤੇ ਉਸੇ ਲੈਬ ਤੋਂ ਅਲਟਰਾਸਾਊਂਡ ਕਿਉਂ ਕਰਵਾਇਆ ਜਾ ਰਿਹਾ ਹੈ।