ਨਰਿੰਦਰ ਮੋਦੀ ਨੇ ਪੂਤਿਨ ਦੇ ਸਾਹਮਣੇ ਉਠਾਇਆ ਮੁੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਜੰਗ ਦੇ ਲਈ ਰੂਸ ਦੀ ਫੌਜ ਵਿਚ ਸ਼ਾਮਲ ਕੀਤੇ ਗਏ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਹੋਵੇਗੀ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਰੂਸ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸਾਹਮਣੇ ਇਹ ਮੁੱਦਾ ਉਠਾਇਆ ਹੈ। ਇਸ ਤੋਂ ਬਾਅਦ ਹੀ ਸੈਨਿਕਾਂ ਦੀ ਵਾਪਸੀ ’ਤੇ ਸਹਿਮਤੀ ਬਣੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਯੂਕਰੇਨ ਜੰਗ ਵਿਚ ਦੋ ਭਾਰਤੀਆਂ ਦੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਮੰਗ ਕੀਤੀ ਸੀ ਕਿ ਰੂਸ ਦੀ ਫੌਜ ’ਚ ਭਰਤੀ ਕੀਤੇ ਗਏ ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ ਜਾਵੇ। ਸਰਕਾਰ ਨੇ ਕਿਹਾ ਸੀ ਕਿ ਇਹ ਦੋਵੇਂ ਦੇਸ਼ਾਂ ਵਿਚ ਪਾਰਟਨਰਸ਼ਿਪ ਲਈ ਸਹੀ ਨਹੀਂ ਹੈ। ਧਿਆਨ ਰਹੇ ਕਿ ਰੂਸ ਦੀ ਫੌਜ ਲਈ ਕੰਮ ਕਰ ਰਹੇ ਭਾਰਤੀਆਂ ਦੀ ਵਾਪਸੀ ਦਾ ਮੁੱਦਾ ਸੰਸਦ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਚੁੱਕਿਆ ਸੀ।