ਦੋਵੇਂ ਪਹਿਲਵਾਨ ਹਰਿਆਣਾ ’ਚ ਲੜ ਸਕਦੇ ਹਨ ਵਿਧਾਨ ਸਭਾ ਦੀ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਅੱਜ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਰਸਮੀ ਤੌਰ ’ਤੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਪਵਨ ਖੇੜਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਅਤੇ ਹਰਿਆਣਾ ’ਚ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਵਿਨੇਸ਼ ਫੋਗਾਟ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੀ ਹੈ ਤੇ ਇਸ ਪਾਰਟੀ ਵਿਚ ਆਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਬੁਰੇ ਸਮੇਂ ਵਿਚ ਹੀ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਕੌਣ ਖੜ੍ਹਾ ਹੈ? ਇਸੇ ਦੌਰਾਨ ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਾਂਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਦੋਵਾਂ ਪਹਿਲਵਾਨਾਂ ਨੂੰ ਹਰਿਆਣਾ ਵਿਚ ਵਿਧਾਨ ਸਭਾ ਦੀ ਚੋਣ ਲੜਾ ਸਕਦੀ ਹੈ। ਵਿਨੇਸ਼ ਫੋਗਾਟ ਰੇਲਵੇ ਵਿਭਾਗ ਵਿਚ ਨੌਕਰੀ ਕਰਦੀ ਸੀ ਅਤੇ ਉਸ ਨੇ ਆਪਣੀ ਨੌਕਰੀ ਤੋਂ ਅਸਤੀਫਾ ਵੀ ਦੇ ਦਿੱਤਾ ਹੈ।