ਡੀਲ ਕਰਨ ਲਈ ਅਮਰੀਕਾ ਪਹੁੰਚਣਗੇ ਯੂਕਰੇਨੀ ਰਾਸ਼ਟਰਪਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਯੂਕਰੇਨ ਅਮਰੀਕਾ ਨੂੰ ਦੁਰਲਭ ਖਣਿਜ ਪਦਾਰਥ ਦੇਣ ਲਈ ਰਾਜੀ ਹੋ ਗਿਆ ਹੈ ਅਤੇ ਇਸ ਸਬੰਧੀ ਅਮਰੀਕਾ ਅਤੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਉਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਡੀਲ ’ਤੇ ਸਾਈਨ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਸ਼ੁੱਕਰਵਾਰ ਨੂੰ ਅਮਰੀਕਾ ਦੌਰੇ ’ਤੇ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਇਕ ਮਹੀਨਾ ਪਹਿਲਾਂ ਯੂਕਰੇਨ ਸਰਕਾਰ ’ਤੇ ਦੁਰਲਭ ਖਣਿਜ ਪਦਾਰਥ ਦੇਣ ਲਈ ਦਬਾਅ ਬਣਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਯੂਕਰੇਨ ਨੂੰ ਅਮਰੀਕਾ ਤੋਂ ਮਦਦ ਚਾਹੀਦੀ ਹੈ ਤਾਂ ਉਸ ਨੂੰ 500 ਬਿਲੀਅਨ ਡਾਲਰ ਦੇ ਦੁਰਲਭ ਖਣਿਜ ਪਦਾਰਥ ਅਮਰੀਕਾ ਨੂੰ ਦੇਣਗੇ ਹੋਣਗੇ। ਟਰੰਪ ਨੇ ਜੇਲੇਂਸਕੀ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਯੂਕਰੇਨ ਇਸ ਤਰ੍ਹਾਂ ਨਹੀਂ ਕਰਦਾ ਤਾਂ ਅਮਰੀਕਾ ਉਸ ਨੂੰ ਮਦਦ ਦੇਣੀ ਬੰਦ ਕਰ ਦੇਵੇਗਾ।