ਕੇਂਦਰ ਸਰਕਾਰ ਕੋਲੋਂ ਐਮਐਸਪੀ ਗਰੰਟੀ ਕਾਨੂੰਨ ਦੀ ਕੀਤੀ ਮੰਗ, ਫੌਜਦਾਰੀ ਕਾਨੂੰਨ ਦੀਆਂ ਸਾੜੀਆਂ ਗਈਆਂ ਕਾਪੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਅੱਜ ਅਜ਼ਾਦੀ ਦਿਹਾੜੇ ਮੌਕੇ ਫਸਲਾਂ ’ਤੇ ਐਮਐਸਪੀ ਗਾਰੰਟੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਟਰੈਕਟਰ ਮਾਰਚ ਕੀਤਾ ਗਿਆ। ਸ਼ੰਭੂ ਬਾਰਡਰ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਹਰੇਕ ਜ਼ਿਲ੍ਹੇ ਵਿਚ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਕਿਸਾਨਾਂ ਵੱਲੋਂ ਥਾਂ-ਥਾਂ ’ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਮਾਰਚ ਵਿਚ ਸ਼ਾਮਲ ਹੋਣ ਵਾਲੇ ਟਰੈਕਟਰਾਂ ’ਤੇ ਕਿਸਾਨਾਂ ਵੱਲੋਂ ਕੌਮੀ ਝੰਡੇ ਦੇ ਨਾਲ-ਨਾਲ ਕਿਸਾਨੀ ਝੰਡਾ ਵੀ ਲਗਾਇਆ ਹੋਇਆ ਸੀ ਅਤੇ ਕਿਸਾਨਾਂ ਵੱਲੋਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਧਿਆਨ ਰਹੇ ਕਿ ਲੰਘੀ 13 ਫਰਵਰੀ ਤੋਂ ਫਸਲਾਂ ’ਤੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਹੀ ਰੋਕ ਲਿਆ ਸੀ। ਕਿਸਾਨ ਉਸ ਤੋਂ ਦਿਨ ਤੋਂ ਹੀ ਸ਼ੰਭੂ ਬਾਰਡਰ ’ਤੇ ਡਟੇ ਹੋਏ ਹਨ ਅਤੇ ਅੱਜ ਅਜ਼ਾਦੀ ਦਿਹਾੜੇ ਮੌਕੇ ਸਮੁੱਚੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ-ਆਪਣੇ ਸ਼ਹਿਰਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ।