ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ ਹਰਿ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥
ਵਿਆਖਿਆ :- (ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ।੧। (ਹੇ ਪੰਡਿਤ!) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ? । ੧ । ਰਹਾਉ।31-05-24, ਅੰਗ:-658