ਰਾਮਕਲੀ ਮਹਲਾ ੧ ॥ ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥ ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥
ਵਿਆਖਿਆ :- ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ) । ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ।੧। ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਜੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ। ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ।੧। ਰਹਾਉ। 07-05-24, ਅੰਗ:-904