ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹੀ ਅਨੂਪਾ ॥੧॥ ਰਹਾਉ॥ ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥
ਵਿਆਖਿਆ :- ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ।੧। ਰਹਾਉ । (ਗੁਰੂ ਸ਼ਬਦ – ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤਿ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ । ੧ ।ਅੰਗ:-821