ਆਸਾ ॥ ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੁਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੁੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥
ਵਿਆਖਿਆ :- ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ’ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ) ।1। (ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ ।1। ਰਹਾਉ। ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ ।2।21-04-24, ਅੰਗ:-477