ਧਨਾਸਰੀ ਮਹਲਾ ੫ ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧ ॥ ਰਹਾਉ ॥
ਵਿਆਖਿਆ:-ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ) ? । ੧। ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ। ੧।ਰਹਾਉ|ਅੰਗ:-673