ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿ ਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ॥ ਤਾ ਸਗਲੇ ਦੂਖ ਮਿਟਾਇਆ॥੨॥੫॥੬੯॥
ਵਿਆਖਿਆ :-ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ ।੧। ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ । ਰਹਾਉ। ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ।੨।੫।੬੯। ਅੰਗ:-626