ਬਿਲਾਵਲੁ ਮਹਲਾ ੪ ॥ ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ॥੧॥ ਜਪਿ ਜਗੰਨਾਥ ਜਗਦੀਸ ਗੁਸਈਆ ॥ ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥
ਵਿਆਖਿਆ :- ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ।੧। ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ। ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ ਆਪਣੇ ਚਰਨਾਂ ਵਿਚ ਲੀਨ ਕਰ ਲਿਆ।੧।ਰਹਾਉ।ਅੰਗ:-833