ਸੰਗਰਾਂਦ ਭਾਦੋਂ ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਵਿਆਖਿਆ :-(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ। ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) । ਜਮਦੂਤ(ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)। ਅੰਗ:-134