ਰਾਗੁ ਸੂਹੀ ਮਹਲਾ ੧ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ ਜਿਨ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ॥
ਵਿਆਖਿਆ :-(ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ?19-02-25, ਅੰਗ:-762