ਸਲੋਕ ਮ: ੩ ॥ ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ ਹਰਿ ਸੁਖੁ ਪਲ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥
ਵਿਆਖਿਆ :- ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਣ ਵਾਲੀ ਆਸ (ਉਸ ਦੇ ਵਾਸਤੇ) ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ (ਕਿਉਂਕਿ ਉਹ ਮਨੁੱਖ) ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ, ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ (ਹੀ) ਪਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾ ਹੁਕੇ ਲੈਂਦਾ ਹੀ ਜਾਂਦਾ ਹੈ। 18-02-25, ਅੰਗ:-850