ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ॥
ਵਿਆਖਿਆ :-ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ। ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ। (ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ। (ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ।16-09-25, ਅੰਗ:-135