ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿਚ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦੇ ਮੁਲਜ਼ਮ ਅਤੇ ਤਿ੍ਣਮੂਲ ਕਾਂਗਰਸ ਪਾਰਟੀ (ਟੀਐਮਸੀ) ਦੇ ਨੇਤਾ ਸ਼ਾਹਜਹਾਂ ਸ਼ੇਖ ਨੂੰ 55 ਦਿਨਾਂ ਬਾਅਦ ਅੱਜ ਵੀਰਵਾਰ ਸਵੇਰੇ ਗਿ੍ਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਸ਼ੇਖ ਨੂੰ ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਤੋਂ ਕਰੀਬ 30 ਕਿਲੋਮੀਟਰ ਦੂਰ ਮੀਨਾਖਾਨ ਦੇ ਘਰ ਵਿਚੋਂ ਗਿ੍ਫਤਾਰ ਕੀਤਾ ਗਿਆ, ਜਿੱਥੇ ਉਹ ਕੁਝ ਸਾਥੀਆਂ ਨਾਲ ਲੁਕਿਆ ਹੋਇਆ ਸੀ। ਗਿ੍ਫਤਾਰੀ ਤੋਂ ਬਾਅਦ ਸ਼ਾਹਜਹਾਂ ਸ਼ੇਖ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 10 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਦੱਸਿਆ ਗਿਆ ਹੈ ਕਿ ਸ਼ਾਹਜਹਾਂ ਸ਼ੇਖ 55 ਦਿਨ ਤੋਂ ਫਰਾਰ ਚੱਲ ਰਿਹਾ ਸੀ। ਸ਼ਾਹਜਹਾਂ ਦੀ ਗਿ੍ਫਤਾਰੀ ਨੂੰ ਲੈ ਕੇ ਸਾਊਥ ਬੰਗਾਲ ਦੇ ਏ.ਡੀ.ਜੀ. ਸੁਪ੍ਰੀਤਮ ਸਰਕਾਰ ਨੇ ਕਿਹਾ ਕਿ ਸ਼ਾਹਜਹਾਂ ਸ਼ੇਖ ਲੰਘੀ 5 ਜਨਵਰੀ ਨੂੰ ਈ.ਡੀ. ਅਫਸਰਾਂ ’ਤੇ ਹੋਏ ਹਮਲੇ ਦੇ ਮੁਖੀ ਆਰੋਪੀਆਂ ਵਿਚ ਵੀ ਸ਼ਾਮਲ ਹੈ ਅਤੇ ਉਸੇ ਮਾਮਲੇ ਵਿਚ ਹੀ ਸ਼ਾਹਜਹਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ।