ਕਾਂਗਰਸ ਪਾਰਟੀ ਨੇ ਮਮਤਾ ਬੈਨਰਜੀ ਦਾ ਸੀਟ ਸ਼ੇਅਰਿੰਗ ਫਾਰਮੂਲਾ ਠੁਕਰਾਇਆ
ਕੋਲਕਾਤਾ/ਬਿਊਰੋ ਨਿਊਜ਼ : ਤਿ੍ਰਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜਨ ਦਾ ਐਲਾਨ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਸੀਟਾਂ ਦੀ ਵੰਡ ਵਾਲਾ ਫਾਰਮੂਲਾ ਕਾਂਗਰਸ ਪਾਰਟੀ ਨੇ ਠੁਕਰਾ ਦਿੱਤਾ ਹੈ ਅਤੇ ਹੁਣ ਅਸੀਂ ਪੱਛਮੀ ਬੰਗਾਲ ’ਚ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਾਂਗੇ। ਮਮਤਾ ਬੈਨਰਜੀ ਕਿਹਾ ਕਿ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਕਿ ਦੇਸ਼ ’ਚ ਕੀ ਹੋਵੇਗਾ, ਪ੍ਰੰਤੂ ਤਿ੍ਰਣਮੂਲ ਕਾਂਗਰਸ ਸੈਕੂਲਰ ਪਾਰਟੀ ਹੈ ਅਤੇ ਪੱਛਮੀ ਬੰਗਾਲ ’ਚ ਅਸੀਂ ਇਕੱਲਿਆਂ ਹੀ ਭਾਰਤੀ ਜਨਤਾ ਪਾਰਟੀ ਨੂੰ ਹਰਾਵਾਂਗੇ।
ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ’ਚ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਲਈ 10 ਤੋਂ 12 ਸੀਟਾਂ ਦੀ ਮੰਗ ਕਰ ਰਹੀ ਸੀ। ਜਦਕਿ ਤਿ੍ਰਣਮੂਲ ਕਾਂਗਰਸ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੂੰ ਕੇਵਲ ਦੋ ਸੀਟਾਂ ਦੇਣ ’ਤੇ ਅੜੀ ਹੋਈ ਹੈ। ਇਹ ਦੋਵੇਂ ਸੀਟਾਂ ਉਹ ਹਨ ਜਿਹੜੀਆਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਜਿੱਤੀਆਂ ਸਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਗੇ ਇਹ ਵੀ ਕਿਹਾ ਕਿ ਉਹ ‘ਇੰਡੀਆ ਗੱਠਜੋੜ’ ਦਾ ਹਿੱਸਾ ਬਣੇ ਰਹਿਣਗੇ।


