ਖੇਤੀ ਮਾਹਿਰਾਂ ਨੇ ਹਾੜ੍ਹੀ ਦੀਆਂ ਫਸਲਾਂ ਨੂੰ ਪਾਣੀ ਦੇਣ ਦੀ ਦਿੱਤੀ ਸਲਾਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮਾਲਵਾ ਅਤੇ ਹੋਰ ਕਈ ਖੇਤਰਾਂ ਵਿਚ ਇਕਦਮ ਵਧੀ ਗਰਮੀ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ। ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਇਸ ਗਰਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨਾਂ ਨੂੰ ਤੁਰੰਤ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਫਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿਚ ਖੁਸ਼ਕੀ ਅਤੇ ਹੁਣ ਇਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਟਾਕਰਾ ਕਰਨ ਦੀ ਜ਼ਰੂਰਤ ਹੈ ਅਤੇ ਫਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਢਿੱਲ ਨਹੀਂ ਵਰਤਣੀ ਚਾਹੀਦੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਦੱਸਿਆ ਕਿ ਆਉਣ ਵਾਲੇ ਪੂਰੇ ਹਫਤੇ ਪਾਰਾ 24 ਤੋਂ 25 ਡਿਗਰੀ ਸੈਂਟੀਗਰੇਡ ਰਹਿਣ ਦੀ ਉਮੀਦ ਹੈ ਅਤੇ ਦਿਨ ਵੇਲੇ ਤੇਜ਼ ਧੁੱਪ ਖਿੜੇਗੀ। ਖੇਤੀ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਕਹਿਣਾ ਸੀ ਕਿ ਜਿਸ ਹਿਸਾਬ ਨਾਲ ਗਰਮੀ ਵਧ ਰਹੀ ਹੈ, ਉਸ ਹਿਸਾਬ ਨਾਲ ਫਸਲਾਂ ਨੂੰ ਪਾਣੀ ਜ਼ਿਆਦਾ ਦੇਣਾ ਪਵੇਗਾ।