ਵਿਧਾਨ ਸਭਾ ਦੀਆਂ ਮੰਗ ਲਈਆਂ 20 ਸੀਟਾਂ
ਚੰਡੀਗੜ੍ਹ/ਬਿਊੁਰੋ ਨਿਊਜ਼ : ਹਰਿਆਣਾ ਵਿਚ ਅਕਤੂਬਰ-ਨਵੰਬਰ ਮਹੀਨੇ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਭਾਈਚਾਰੇ ਨੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਟੈਨਸ਼ਨ ਵਧਾ ਦਿੱਤੀ ਹੈ। ਕਰਨਾਲ ਵਿਚ ਸਿੱਖ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਸਿਆਸੀ ਦਲਾਂ ਕੋਲੋਂ ਰਾਜਨੀਤਕ ਹਿੱਸੇ ਦੀ ਮੰਗ ਕੀਤੀ ਗਈ ਹੈ। ਸਿੱਖ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਵਿਚ ਸਾਨੂੰ 16 ਤੋਂ 20 ਸੀਟਾਂ ਦਿੱਤੀਆਂ ਜਾਣ ਅਤੇ ਲੋਕ ਸਭਾ ਦੀਆਂ ਦੋ ਸੀਟਾਂ ਤੇ ਰਾਜ ਸਭਾ ਦੀ ਖਾਲੀ ਹੋਈ ਸੀਟ ਵੀ ਸਿੱਖਾਂ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਸਿੱਖਾਂ ਦਾ ਕੋਈ ਵੀ ਨੁਮਾਇੰਦਾ ਨਾ ਲੋਕ ਸਭਾ ਵਿਚ ਹੈ ਅਤੇ ਨਾ ਹੀ ਰਾਜ ਸਭਾ ਵਿਚ ਹੈ।
ਸਿੱਖ ਆਗੂਆਂ ਨੇ ਕਿਹਾ ਕਿ ਸਾਡੇ 18 ਲੱਖ ਵੋਟਰ ਸੂਬੇ ਵਿਚ ਹਨ ਅਤੇ ਇਸ ਲਈ ਸਾਡਾ ਹੱਕ ਬਣਦਾ ਹੈ। ਹਰਿਆਣਾ ਦੇ ਸਿੱਖ ਭਾਈਚਾਰੇ ਦੀ ਇਹ ਵੀ ਮੰਗ ਹੈ ਕਿ ਸੂਬੇ ਦੇ ਸਕੂਲਾਂ ਵਿਚ ਪੰਜਾਬੀ ਦੇ ਅਧਿਆਪਕ ਦਿੱਤੇ ਜਾਣ। ਸਿੱਖ ਆਗੂਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਅਸੀਂ ਆਪਣੀਆਂ ਮੰਗਾਂ ਲੈ ਕੇ ਕੇਂਦਰ ਸਰਕਾਰ ਕੋਲ ਵੀ ਜਾਵਾਂਗੇ।