ਚੰਡੀਗੜ੍ਹ/ਬਿਊਰੋ ਨਿਊਜ਼: ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਕਿਸਾਨਾਂ ਦੇ ਨਾਲ ਦੂਜੀ ਮੀਟਿੰਗ ਵੀ ਰੱਦ ਹੋ ਗਈ ਹੈ। ਪਹਿਲਾਂ ਇਹ ਮੀਟਿੰਗ ਕੱਲ ਹੋਣੀ ਸੀ ਪਰ ਕਿਸਾਨਾਂ ਦੇ ਇਸ ਮੀਟਿੰਗ ਵਿੱਚ ਹਿੱਸਾ ਨਾ ਲੈਣ ਕਰਕੇ ਮੀਟਿੰਗ ਨੂੰ ਰੱਦ ਕਰਨਾ ਪਿਆ ਸੀ। ਇਸੇ ਤਰ੍ਹਾਂ ਅੱਜ ਵੀ ਕਿਸਾਨਾਂ ਨੇ ਮੀਟਿੰਗ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਇਹ ਮੀਟਿੰਗ ਰੱਦ ਹੋ ਗਈ। ਕਿਸਾਨਾਂ ਨੇ ਇਸ ਦੇ ਪਿੱਛੇ ਤਰਕ ਦਿੱਤਾ ਹੈ ਕੀ ਸੁਪਰੀਮ ਕੋਰਟ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਦਾ ਸਮਰਥਨ ਕਰ ਰਿਹਾ ਹੈ।
ਪੁਰਾਣੇ ਝਗੜੇ ਅਜੇ ਸੁਲਝੇ ਨਹੀਂ, ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਗਰੰਟੀ, ਕਰਜ਼ਾ ਮੁਆਫ਼ੀ ਅਤੇ ਹੋਰ ਲਟਕਦੀਆਂ ਮੰਗਾਂ ਬਾਰੇ ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕੇ ਗਏ। ਉਗਰਾਹਾਂ ਗਰੁੱਪ ਨੇ ਰਾਜੇਵਾਲ ਦੇ ਫੈਸਲੇ ਦਾ ਸਮਰਥਨ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਇਸ ਕਮੇਟੀ ਨਾਲ ਗੱਲਬਾਤ ਦਾ ਹਿੱਸਾ ਨਹੀਂ ਬਣਨਗੇ।


