ਟਰੰਪ ਨੇ ਰੂਸ-ਯੂਕਰੇਨ ਜੰਗ ਖਤਮ ਕਰਨ ਦਾ ਕੀਤਾ ਵਾਅਦਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਭਾਰਤਵੰਸ਼ੀ ਕਮਲਾ ਹੈਰਿਸ ਵਿਚਾਲੇ ਪ੍ਰੋਜੀਡੈਨਸ਼ੀਅਲ ਡਿਬੇਟ ਹੋਈ ਹੈ। ਇਨ੍ਹਾਂ ਦੋਵਾਂ ਨੇ 90 ਮਿੰਟ ਤੱਕ ਪਰਵਾਸੀਆਂ, ਇਕੌਨਮੀ, ਵਿਦੇਸ਼ ਨੀਤੀ ਅਤੇ ਸੰਸਦ ਵਿਚ ਹਿੰਸਾ ਵਰਗੇ ਛੇ ਮੁੱਦਿਆਂ ’ਤੇ ਬਹਿਸ ਕੀਤੀ ਹੈ। ਡਿਬੇਟ ਸ਼ੁਰੂ ਹੋਣ ਤੋਂ ਪਹਿਲਾ ਕਮਲਾ, ਡੋਨਾਲਡ ਟਰੰਪ ਦੇ ਪੋਡੀਅਮ ਤੱਕ ਪਹੁੰਚੀ ਅਤੇ ਉਨ੍ਹਾਂ ਨਾਲ ਹੱਥ ਵੀ ਮਿਲਾਇਆ।
ਡਿਬੇਟ ਦੌਰਾਨ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਚੋਣਾਂ ਜਿੱਤਣ ਦੇ 24 ਘੰਟਿਆਂ ਦੇ ਅੰਦਰ ਰੂਸ-ਯੂਕਰੇਨ ਜੰਗ ਰੁਕਵਾ ਦੇਣਗੇ। ਟਰੰਪ ਨੂੰ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਮਲਾ ਹੈਰਿਸ ਨੇ ਕਿਹਾ ਕਿ ਜੇਕਰ ਤੁਸੀਂ ਰਾਸ਼ਟਰਪਤੀ ਹੁੰਦੇ ਤਾਂ ਵਲਾਦੀਮੀਰ ਪੂਤਿਨ ਇਸ ਸਮੇਂ ਕੀਵ ਵਿਚ ਬੈਠੇ ਹੁੰਦੇ ਅਤੇ ਲੰਚ ਵਿਚ ਤੁਹਾਨੂੰ ਖਾ ਰਹੇ ਹੁੰਦੇ। ਡਿਬੇਟ ਵਿਚ ਕਮਲਾ ਹੈਰਿਸ 37 ਮਿੰਟ 36 ਸੈਕਿੰਡ ਅਤੇ ਟਰੰਪ ਨੇ 42 ਮਿੰਟ 52 ਸੈਕਿੰਡ ਆਪਣੀ ਗੱਲ ਰੱਖੀ। ਡਿਬੇਟ ਖਤਮ ਹੋਣ ਤੋਂ ਬਾਅਦ ਇਹ ਦੋਵੇਂ ਨੇਤਾ ਬਿਨਾ ਹੱਥ ਮਿਲਾਏ ਚਲੇ ਗਏ। ਧਿਆਨ ਰਹੇ ਕਿ 5 ਨਵੰਬਰ 2024 ਨੂੰ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ।