ਡਾ. ਧਰਮਵੀਰ ਗਾਂਧੀ ਨੇ ਕਿਹਾ : ਕੈਪਟਨ ਪਰਿਵਾਰ ਮੋਦੀ ਦੀ ਗੋਦ ’ਚ ਜਾ ਬੈਠਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿਚੋਂ 7 ਸੀਟਾਂ ’ਤੇ ਕਾਂਗਰਸੀ ਉਮੀਦਵਾਰ ਜਿੱਤੇ ਹਨ ਤੇ ਹੁਣ ਇਨ੍ਹਾਂ ਕਾਂਗਰਸੀ ਸੰਸਦ ਮੈਂਬਰਾਂ ਨੂੰ ਉਮੀਦ ਹੈ ਕਿ ਭਾਰਤ ਵਿਚ ‘ਇੰਡੀਆ’ ਬਲੌਕ ਦੀ ਸਰਕਾਰ ਬਣੇਗੀ। ਪਟਿਆਲਾ ਲੋਕ ਸਭਾ ਹਲਕੇ ਤੋਂ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਇਕ ਮਹੀਨਾ ਪਹਿਲਾਂ ਕਾਂਗਰਸ ’ਚ ਸ਼ਾਮਲ ਹੋਏ ਡਾ. ਧਰਮਵੀਰ ਗਾਂਧੀ ਨੇ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਹਰਾ ਦਿੱਤਾ।
ਪਰਨੀਤ ਕੌਰ ਅਜੇ ਤੱਕ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਸੀ, ਪਰ ਉਹ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਈ ਸੀ। ਪਰਨੀਤ ਕੌਰ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ ਅਤੇ ਉਹ ਰਾਜ ਘਰਾਣੇ ਨਾਲ ਜੁੜੀ ਹੋਈ ਹੈ। ਪਟਿਆਲਾ ਤੋਂ ਚੋਣ ਜਿੱਤਣ ਵਾਲੇ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਪਰਨੀਤ ਕੌਰ ਨੇ ਭਾਜਪਾ ਵਿਚ ਜਾ ਕੇ ਲੋਕਾਂ ਦਾ ਭਰੋਸਾ ਤੋੜਿਆ ਹੈ। ਉਨ੍ਹਾਂ ਨੇ ਐਗਜ਼ਿਟ ਪੋਲ ਨੂੰ ਭਾਜਪਾ ਦਾ ਗੁਬਾਰਾ ਦੱਸਦੇ ਹੋਏ ਕਿਹਾ ਕਿ ‘ਇੰਡੀਆ’ ਬਲੌਕ ਕੇਂਦਰ ਵਿਚ ਸਰਕਾਰ ਬਣਾਏਗਾ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕੈਪਟਨ ਪਰਿਵਾਰ ਮੋਦੀ ਦੀ ਗੋਦ ’ਚ ਜਾ ਬੈਠਾ ਹੈ।