ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ ਜਗਤ ਪਿਆਰੀ ॥ ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ॥
ਵਿਆਖਿਆ :- (ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ, ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ) । (ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ, ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ।੧। (ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ, ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ।੧। ਰਹਾਉ। 13-08-25, ਅੰਗ :-871