ਸੂਹੀ ਮਹਲਾ ੧ ਘਰੁ ੯ ੴ ਸਤਿਗੁਰ ਪ੍ਰਸਾਦਿ ॥ ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥ ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥ ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ॥੧॥
ਵਿਆਖਿਆ:-(ਜੀਵ ਮਾਇਆ ਦੇ ਸੁਹਣੱਪ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ। ਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੇ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆyਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ। ਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ। ੧। 15-07-25, ਅੰਗ :-751