ਬਿਲਾਵਲੁ ਮਹਲਾ ੫ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥
ਵਿਆਖਿਆ:-ਹੇ ਭਾਈ! ਜਿਸ ਭੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ। ਗੋਬਿੰਦ ਦਾ ਨਾਮ ਸਿਮਰ ਕੇ ਉਸ ਦੇ ਅੰਦਰ) ਸੁਖ ਹੀ ਸੁਖ ਬਣ ਗਿਆ ੧।ਰਹਾਉ। ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ । ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ।੧।25-06-25, ਅੰਗ:-826