ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ॥
ਵਿਆਖਿਆ :- ਹੇ ਭਾਈ ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।੧। ਰਹਾਉ।20-04-25, ਅੰਗ:-666