ਆਸਾ ਮਹਲਾ ੫ ॥ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥ ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥ ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥
ਵਿਆਖਿਆ :- ਹੇ ਭਾਈ! ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ। ਹੇ ਭਾਈ! ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ। ਹੇ ਭਾਈ! ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ, (ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ। ਹੇ ਭਾਈ! ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ। ਹੇ ਨਾਨਕ! (ਆਖ- ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ ।੧।30-04-25, ਅੰਗ :-461