ਹਿਮਾਚਲ ਵਿਧਾਨ ਸਭਾ ਦੇ ਇਜਲਾਸ ’ਚ ਬਿੱਲ ਹੋਇਆ ਪਾਸ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ’ਚ ਕੁੜੀਆਂ ਦੇ ਵਿਆਹ ਲਈ ਘੱਟੋ-ਘੱਟ ਉਮਰ 21 ਸਾਲ ਹੋਵੇਗੀ। ਇਸ ਸਬੰਧ ’ਚ ਹਿਮਾਚਲ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸੋਧ ਬਿੱਲ ਪੇਸ਼ ਕੀਤਾ ਗਿਆ ਸੀ, ਜਿਸਨੂੰ ਸਹਿਮਤੀ ਨਾਲ ਬਿਨਾ ਚਰਚਾ ਦੇ ਪਾਸ ਕਰ ਦਿੱਤਾ ਗਿਆ। ਬਿੱਲ ਨੂੰ ਹੁਣ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਜਾਏਗਾ। ਇਸ ਤੋਂ ਬਾਅਦ ਇਹ ਬਿੱਲ ਕਾਨੂੰਨ ਬਣੇਗਾ ਤੇ ਇਸ ਨੂੰ ਲਾਗੂ ਕੀਤਾ ਜਾਵੇਗਾ। ਹਾਲੇ ਤੱਕ ਹਿਮਾਚਲ ’ਚ ਕੁੜੀਆਂ ਦੇ ਵਿਆਹ ਦੀ ਉਮਰ 18 ਸਾਲ ਹੈ ਅਤੇ ਹੁਣ ਸਰਕਾਰ ਨੇ ਇਸਨੂੰ ਤਿੰਨ ਸਾਲ ਵਧਾਉਣ ਦਾ ਫੈਸਲਾ ਕੀਤਾ ਹੈ।
ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰੀ ਧਨੀਰਾਮ ਸ਼ਾਂਡਿਲ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ, ਕਿਉਂਕਿ ਕੁਝ ਲੋਕ ਛੋਟੀ ਉਮਰ ’ਚ ਹੀ ਕੁੜੀਆਂ ਦਾ ਵਿਆਹ ਕਰ ਦਿੰਦੇ ਹਨ। ਇਸ ਨਾਲ ਕੁੜੀਆਂ ਦੀ ਪੜ੍ਹਾਈ ਵੀ ਅਧੂਰੀ ਰਹਿ ਜਾਂਦੀ ਹੈ ਅਤੇ ਉਨ੍ਹਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ।