77 ਸਾਲ ਬਾਅਦ ਵੀ ਮਾਲਵੇ ਦੇ ਲੋਕ ਸਿੱਧਾ ਰੇਲ ਰਾਹੀਂ ਰਾਜਧਾਨੀ ਨਾਲ ਨਹੀਂ ਜੁੜ ਸਕੇ : ਮੀਤ ਹੇਅਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਸਮੁੱਚੇ ਮਾਲਵੇ ਖਿੱਤੇ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਰੇਲ ਰਾਹੀਂ ਜੋੜਨ ਲਈ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਚੁੱਕਿਆ। ਮੀਤ ਹੇਅਰ ਨੇ ਸਦਨ ਵਿੱਚ ਕਿਹਾ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਮਾਲਵਾ ਖਿੱਤੇ ਦੇ ਲੋਕ ਆਪਣੀ ਰਾਜਧਾਨੀ ਨਾਲ ਸਿੱਧਾ ਰੇਲ ਰਾਹੀਂ ਨਹੀਂ ਜੁੜ ਸਕੇ। ਇਸ ਕੰਮ ਲਈ ਸਿਰਫ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜ਼ਮੀਨ ਐਕੁਆਇਰ ਦੀ ਮੰਗ ਦਾ ਹਵਾਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇ ਸੜਕਾਂ ਬਣਾਉਣ ਲਈ ਜ਼ਮੀਨ ਐਕੁਆਇਰ ਹੋ ਸਕਦੀ ਹੈ ਤਾਂ ਰੇਲ ਸੇਵਾ ਲਈ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਬਰਨਾਲਾ-ਸੰਗਰੂਰ ਇਲਾਕੇ ਵਿੱਚ ਕੋਈ ਵੀ ਹਾਈ ਸਪੀਡ ਰੇਲ ਨਹੀਂ ਗੁਜ਼ਰਦੀ ਜਿਸ ਲਈ ਇਹ ਮੰਗ ਵੀ ਜਲਦ ਪੂਰੀ ਕੀਤੀ ਜਾਵੇ। ਮੀਤ ਹੇਅਰ ਨੇ ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਕਿਹਾ ਕਿ ਕੋਵਿਡ ਸਮੇਂ ਸੀਨੀਅਰ ਸਿਟੀਜ਼ਨ ਤੇ ਖਿਡਾਰੀਆਂ ਨੂੰ ਮਿਲਦੀ ਰਿਆਇਤ ਬੰਦ ਕਰ ਦਿੱਤੀ ਗਈ ਸੀ ਅਤੇ ਇਸ ਨੂੰ ਵੀ ਮੁੜ ਸ਼ੁਰੂ ਕੀਤਾ ਜਾਵੇ।