ਸ਼ੱਕੀ ਡਰੋਨ ਕਾਰਨ ਤਿੰਨ ਘੰਟੇ ਰੋਕਣੀਆਂ ਪਈਆਂ ਉਡਾਣਾਂ
ਅੰਮਿ੍ਤਸਰ/ਬਿਊਰੋ ਨਿਊਜ਼ : ਅੰਮਿ੍ਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ’ਤੇ ਸੋਮਵਾਰ ਦੀ ਰਾਤ ਨੂੰ ਸ਼ੱਕੀ ਡਰੋਨ ਦੀ ਹਲਚਲ ਦੇਖੀ ਗਈ ਸੀ। ਇਸ ਕਾਰਨ ਕਰੀਬ 3 ਘੰਟੇ ਤੱਕ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਨੂੰ ਰੋਕਣਾ ਪਿਆ। ਡਰੋਨ ਦੀ ਮੂਵਮੈਂਟ ਦੇ ਕਾਰਨ ਏਅਰ ਇੰਡੀਆ ਦੀ ਦਿੱਲੀ-ਅੰਮਿ੍ਤਸਰ ਫਲਾਈਟ ਨੂੰ ਵੀ ਲੈਂਡਿੰਗ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ ਅਤੇ ਕਲੀਅਰੈਂਸ ਨਾ ਮਿਲਣ ਦੇ ਕਾਰਨ ਇਹ ਫਲਾਈਟ ਵਾਪਸ ਪਰਤ ਗਈ ਅਤੇ ਫਿਰ ਸਵੇਰੇ 4 ਵਜੇ ਅੰਮਿ੍ਤਸਰ ਏਅਰਪੋਰਟ ’ਤੇ ਪਹੁੰਚੀ ਸੀ।
ਏਅਰਪੋਰਟ ਦੇ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਅਧਿਕਾਰੀਆਂ ਨੂੰ 3 ਡਰੋਨਾਂ ਦੀ ਹਲਚਲ ਦੇਖਣ ਨੂੰ ਮਿਲੀ ਸੀ। ਇਹ ਹਲਚਲ ਸੋਮਵਾਰ ਰਾਤ ਸਵਾ 10 ਵਜੇ ਤੋਂ 11 ਵਜੇ ਤੱਕ ਦੇਖੀ ਗਈ। ਇਸ ਦੌਰਾਨ ਡਰੋਨ ਕਦੀ ਏਅਰਪੋਰਟ ਦੇ ਉਪਰ ਆਉਂਦਾ ਸੀ ਅਤੇ ਕਦੀ ਵਾਪਸ ਚਲਾ ਜਾਂਦਾ ਸੀ। ਇਸੇ ਤਰ੍ਹਾਂ ਦੋ ਡਰੋਨ ਏਅਰਪੋਰਟ ਦੀ ਬਾਊਂਡਰੀ ਕੋਲ ਦੇਖੇ ਗਏ। ਇਸ ਨੂੰ ਦੇਖਦਿਆਂ ਅੰਮਿ੍ਤਸਰ ਦੇ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ।