ਕਿਹਾ : ਅਕਾਲੀ ਦਲ ਦਾ ਸਿਆਸੀ ਕਤਲ ਕਰਨ ਵਾਲਿਆਂ ਨੂੰ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ
ਕਲਾਨੌਰ/ਬਿਊਰੋ ਨਿਊਜ਼ : ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੇ ਇੱਛੁਕ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਕਾਰਜਕਾਰਨੀ ਦੀ ਮੀਟਿੰਗ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਸਿਆਸੀ ਕਤਲ ਕਰਨ ਦੀਆਂ ਚਾਲਾਂ ਚਲ ਕੇ ਤਮਾਸ਼ਾ ਵੇਖਣ ਵਾਲੇ ਪੰਥ ਵਿਰੋਧੀਆਂ ਨੂੰ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਨਾਂਅ ’ਤੇ ਸਿਆਸਤ ਕਰਨ ਵਾਲਿਆਂ ਨੂੰ ਲੋਕ ਸਮਾਂ ਆਉਣ ’ਤੇ ਜ਼ਰੂਰ ਜਵਾਬ ਦੇਣਗੇ।
ਸੁੱਚਾ ਸਿੰਘ ਲੰਗਾਹ ਨੇ ਅੱਗੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਚਾਹੁੰਦੀਆਂ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਨੁਕਸਾਨ ਹੋਵੇ ਜਦਕਿ ਸ਼ੋ੍ਰਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਦੌਰਾਨ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਵੇਗਾ। ਇਸ ਮੌਕੇ ਉਨ੍ਹਾਂ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੂੰ ਕਿਹਾ ਕਿ ਅਕਾਲੀ ਦਲ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਸਦਕਾ ਹੋਂਦ ਵਿਚ ਆਇਆ ਸੀ। ਇਸ ਨੂੰ ਮੁੜ ਤੋਂ ਤਾਕਤਵਰ ਬਣਾਉਣ ਲਈ ਇਸ ਦਾ ਸੱਤਾ ਵਿਚ ਆਉਣਾ ਬਹੁਤ ਜ਼ਰੂਰੀ ਹੈ।