ਮੁੱਖ ਮੁਲਜ਼ਮ ਦੇਵ ਪ੍ਰਕਾਸ਼ ਮਧੂਕਰ ਦੇ ਸਿਰ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖਿਆ
ਲਖਨਊ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਮਚੀ ਭਗਦੜ ਦੇ ਮਾਮਲੇ ਨੂੰ ਲੈ ਕੇ ਹੁਣ ਤੱਕ ਛੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਯੂਪੀ ਪੁਲਿਸ ਨੇ ਮੁੱਖ ਦੋਸ਼ੀ ਸੇਵਾਦਾਰ ਦੀ ਗਿ੍ਰਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਅਲੀਗੜ੍ਹ ਰੇਂਜ ਦੇ ਪੁਲਿਸ ਕਮਿਸ਼ਨਰ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਦੋ ਮਹਿਲਾ ਸੇਵਾਦਾਰਾਂ ਸਣੇ 6 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੇ ਮੁੱਖ ਮੁਲਜ਼ਮ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ਉੱਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਸ ਦੇ ਖਿਲਾਫ਼ ਜਲਦੀ ਹੀ ਗੈਰਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਜਾਣਗੇ। ਭੋਲੇ ਬਾਬਾ ਤੋਂ ਪੁੱਛਗਿੱਛ ਜਾਂ ਉਸਦੀ ਗਿ੍ਫ਼ਤਾਰੀ ਦੀ ਸੰਭਾਵਨਾ ਬਾਰੇ ਪੁੱਛਣ ’ਤੇ ਮਾਥੁਰ ਨੇ ਕਿਹਾ ਕਿ ਅੱਗੇ ਕਿਸ ਦੀ ਗਿ੍ਰਫਤਾਰੀ ਹੋਵੇਗੀ ਜਾਂ ਨਹੀਂ ਇਹ ਜਾਂਚ ਉੱਤੇ ਨਿਰਭਰ ਕਰੇਗਾ।
ਧਿਆਨ ਰਹੇ ਕਿ ਯੂਪੀ ਦੇ ਹਾਥਰਸ ਜ਼ਿਲ੍ਹੇ ਦੇ ਪਿੰਡ ਫੁਲਰਈ ਵਿਚ ਇਕ ਧਾਰਮਿਕ ਸਥਾਨ ’ਤੇ ਸਤਸੰਗ ਤੋਂ ਬਾਅਦ ਮਚੀ ਭਗਦੜ ਵਿਚ 123 ਵਿਅਕਤੀਆਂ ਦੀ ਜਾਨ ਚਲੇ ਗਈ ਸੀ।